ਸਿਮਰਨਜੀਤ ਸਿੰਘ ਮਾਨ ਬਨਾਮ ਚੋਣਾਂ ਤੇ ਖਾਲਿਸਤਾਨ ਦਾ ਮੁੱਦਾ
-ਖਾਲਸਾ ਸਮਾਚਾਰ ਬਿਓਰੋ
ਸ.
ਸਿਮਰਨਜੀਤ ਸਿੰਘ ਮਾਨ ਨੂੰ ਐਤਕੀ ਵਿਧਾਨ ਸਭਾ ਵਿਚ 57 ਸੀਟਾਂ ਤੋਂ ਸਿਰਫ 39109 ਵੋਟਾਂ
ਮਿਲੀਆਂ ਭਾਵ ਉਹਨਾਂ ਦੀ ਪਾਰਟੀ ਨੂੰ ਹਰੇਕ ਸੀਟ ਤੋਂ ਔਸਤਨ 686 ਵੋਟਾਂ ਪਈਆਂ ਹਨ। ਇਹ
ਚੋਣਾਂ ਮਾਨ ਸਾਹਿਬ ਨੇ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਲ਼ੜ੍ਹੀਆਂ ਸਨ ਅਤੇ ਇਸ
ਤੋਂ ਪਹਿਲਾਂ ਸਤੰਬਰ 2011 ਵਿਚ ਹੋਈਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵੀ
ਪਹਿਲੀ ਵਾਰ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਲੜ੍ਹੀਆਂ ਸਨ ਜਿਸ ਵਿਚ ਮਾਨ ਦਲ
ਵਲੋਂ 5 ਲੱਖ ਦੇ ਕਰੀਬ ਵੋਟਾਂ ਦੀ ਪਰਾਪਤੀ ਦਾ ਦਾਅਵਾ ਕੀਤਾ ਜਾ ਰਿਹਾ ਸੀ ਜਿਸਦੇ ਕਿ ਸਹੀ
ਅੰਕੜੇ ਅਜੇ ਤੱਕ ਲੋਕਾਂ ਦੀ ਕਚਹਿਰੀ ਵਿਚ ਨਹੀਂ ਆ ਸਕੇ। ਇਹਨਾਂ ਦੋ ਚੋਣਾਂ ਤੋਂ ਪਹਿਲਾਂ
ਮਾਨ ਦਲ ਨੇ ਕਦੇ ਵੀ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਚੋਣਾਂ ਨਹੀਂ ਲੜ੍ਹੀਆਂ।
ਮਾਨ ਸਾਹਿਬ ਵਲੋਂ 1989 ਤੋਂ ਲੜ੍ਹੀਆਂ ਜਾ ਰਹੀਆਂ ਚੋਣਾਂ ਦਾ ਜੇਕਰ ਵਿਸ਼ਲੇਸ਼ਣ ਕਰੀਏ
ਤਾਂ ਸਾਫ ਸਮਝ ਆਵੇਗਾ ਕਿ ਮਾਨ ਸਾਹਿਬ, ਉਹਨਾਂ ਦੀ ਪਾਰਟੀ ਤੇ ਸਭ ਤੋਂ ਵੱਧ ਕੇ ਪੰਥ ਦੇ
ਸਿਆਸੀ ਨਿਸ਼ਾਨੇ ਖਾਲਿਸਤਾਨ ਦੇ ਮੁੱਦੇ ਦਾ ਗਰਾਫ ਹੇਠਾਂ ਹੀ ਹੇਠਾਂ ਜਾ ਰਿਹਾ ਹੈ ਜਾਂ ਮਾਨ
ਸਾਹਿਬ ਵਲੋਂ ਸਭ ਜਾਣਦੇ ਹੋਏ ਵੀ ਅਜਿਹਾ ਹੋਣ ਦਿੱਤਾ ਜਾ ਰਿਹਾ ਹੈ?
1989 ਦੀਆਂ ਲੋਕ ਸਭਾ ਚੋਣਾਂ:
1989
ਦੀਆਂ ਲੋਕ ਚੋਣਾਂ ਵਿਚ ਮਾਨ ਸਾਹਿਬ ਜੇਲ਼੍ਹ ਵਿਚ ਸਨ ਅਤੇ ਉੁਹਨਾਂ ਨੂੰ ਬਣੀ-ਬਣਾਈ ਪਾਰਟੀ
ਤੇ ਉਸਦੀ ਪਰਧਾਨਗੀ ਮਿਲ ਗਈ ਤੇ ਉਹਨਾਂ ਸਮੇਤ 8 ਉਮੀਦਵਾਰਾਂ ਨੇ ਚੋਣ ਲੜੀ ਜਿਹਨਾਂ
ਵਿਚੋਂ 6 ਉਮੀਦਵਾਰ ਜਿੱਤੇ ਅਤੇ ਮਾਨ ਦਲ ਨੂੰ ਕੁੱਲ 23 ਲੱਖ 18 ਹਜਾਰ 7 ਸੌ 39 ਵੋਟਾਂ
ਮਿਲੀਆਂ ਜੋ ਕਿ ਕੁੱਲ ਵੋਟਾਂ ਦਾ 29.19% ਸੀ। ਇਹਨਾਂ ਵੋਟਾਂ ਵਿਚ ਕਾਂਗਰਸ 2 ਸੀਟਾਂ,
ਜਨਤਾ ਦਲ 1 ਸੀਟ, ਬੀ.ਐੱਸ.ਪੀ 1 ਸੀਟ ਤੇ ਆਜਾਦ ਉਮੀਦਵਾਰ 3 ਸੀਟਾਂ ਜਿੱਤੇ। ਜਿਕਰਯੋਗ ਹੈ
ਕਿ ਉਸ ਸਮੇਂ ਅਕਾਲੀ ਦਲ ਬਾਦਲ 9 ਸੀਟਾਂ ਤੋਂ ਚੋਣ ਲੜ੍ਹਿਆ ਤੇ ਉਸਦੇ 8 ਉਮੀਦਵਾਰਾਂ
ਦੀਆਂ ਜਮਾਨਤਾਂ ਜਬਤ ਹੋਈਆਂ ਤੇ ਉਸਨੂੰ ਕੁੱਲ 4 ਲੱਖ 27 ਹਜਾਰ 6 ਸੌ 9 ਵੋਟਾਂ ਹੀ
ਮਿਲੀਆਂ। ਸਭ ਤੋਂ ਧਿਆਨ ਦੀ ਗੱਲ ਇਹ ਹੈ ਕਿ 1989 ਵਿਚ ਸਿੱਖਾਂ ਵਲੋਂ ਤਾਂ ਮਾਨ ਦਲ ਨੂੰ
ਵੋਟਾਂ ਖਾਲਿਸਤਾਨ ਦੇ ਨਾਮ 'ਤੇ ਹੀ ਪਾਈਆਂ ਗਈਆਂ ਸਨ ਕਿਉਂਕਿ ਉਸ ਸਮੇਂ ਖਾੜਕੂ ਨੌਜਵਾਨ
ਸਿਰ ਤਲੀ ਉੱਤੇ ਧਰ ਕੇ ਖਾਲਿਸਤਾਨ ਲਈ ਜੂਝ ਰਹੇ ਸਨ ਅਤੇ ਕੌੰਮਾਂਤਰੀ ਪੱਧਰ ਉੱਤੇ ਸਿੱਖਾਂ
ਦੇ ਵੱਖਰੇ ਰਾਜ ਖਾਲਿਸਤਾਨ ਦੀ ਗੱਲ ਚੱਲ ਰਹੀ ਸੀ ਅਤੇ ਖਾਲਿਸਤਾਨ ਲਈ ਮਾਹੌਲ ਪੂਰਾ ਬਣਿਆ
ਹੋਇਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਮਾਨ ਸਾਹਿਬ ਨੇ ਇਕ ਵਾਰ ਵੀ ਖਾਲਿਸਤਾਨ
ਦੇ ਮੁੱਦੇ ਨੂੰ ਨਹੀਂ ਉਭਾਰਿਆ ਤੇ ਇਸ ਸਬੰਧੀ ਕੋਈ ਸਟੈਂਡ ਨਹੀਂ ਲਿਆ।
ਆਮ ਲੋਕਾਂ ਨੂੰ ਸ਼ਾਇਦ ਇਸ ਗੱਲ ਦੀ ਵਾਕਫੀ ਵੀ ਨਹੀਂ ਹੋਵੇਗੀ ਕਿ ਮਾਨ ਸਾਹਿਬ ਉਸ
ਸਮੇਂ ਕੇਵਲ ਦੋ ਸੀਟਾਂ ਉਪਰ ਹੀ ਚੋਣ ਲੜ੍ਹਨਾ ਚਾਹੁੰਦੇ ਸਨ ਅਤੇ ਬਾਕੀ ਦੀਆਂ ਸੀਟਾਂ ਬਾਦਲ
ਦਲ ਨੂੰ ਚੋਣ-ਸਮਝੌਤੇ ਵਿਚ ਦੇਣ ਲਈ ਤਿਆਰ ਸਨ ਪਰ ਉਸ ਸਮੇਂ ਦਮਦਮੀ ਟਕਸਾਲ, ਸਿੱਖ
ਸਟੂਡੈਂਟਸ ਫੈਡਰੇਸ਼ਨ ਤੇ ਵਿਦੇਸ਼ਾਂ ਵਿਚ ਬੈਠੇ ਸਿੰਘਾਂ ਦੇ ਸਖਤ ਸਟੈਂਡ ਲੈਣ ਨਾਲ ਹੀ ਮਾਨ
ਸਾਹਿਬ ਬਾਦਲ ਦਲ ਨਾਲ ਸੰਮਝੌਤੇ ਤੋਂ ਪਿੱਛੇ ਹਟੇ ਸਨ।ਮਾਨ ਸਾਹਿਬ ਅਜਿਹੀਆਂ ਕਿਹੜੀਆਂ
ਸ਼ਰਤਾਂ ਅਧੀਨ ਭਾਗਲਪੁਰ ਜੇਲ੍ਹ ਵਿਚੋਂ ਰਿਹਾ ਹੋ ਕੇ ਆਏ ਸਨ ਕਿ ਖਾਲਿਸਤਾਨ ਲਈ ਐਨਾ ਜਰਖੇਜ਼
ਸਮਾਂ ਹੋਣ ਦੇ ਬਾਵਜੂਦ ਵੀ ਉਹ ਉਸ ਸਮੇਂ ਖਾਲਿਸਤਾਨ ਦੇ ਹੱਕ ਵਿਚ ਗੱਲ ਵੀ ਨਹੀਂ ਸਨ
ਕਰਦੇ, ਇਹ ਗੱਲ ਵੀ ਅਜੇ ਤੱਕ ਪੰਥ ਵਿਚ ਬੁਝਾਰਤ ਬਣੀ ਹੋਈ ਹੈ।
1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ:
1992 ਦੀਆਂ ਪੰਜਾਬ
ਵਿਧਾਨ ਸਭਾ ਚੋਣਾਂ ਦਾ ਪੰਥ ਨੇ ਸਫਲ ਬਾਈਕਾਟ ਕੀਤਾ ਜਿਸ ਵਿਚ ਪੰਥ ਨੂੰ ਪਹਿਲਾਂ ਕਦੇ ਨਾ
ਮਿਲੀ ਤੇ ਨਾ ਹੀ ਅੱਗੇ ਕਦੇ ਮਿਲਣ ਵਾਲੀ ਕਾਮਯਾਬੀ ਮਿਲੀ, ਭਾਵੇਂ ਕਿ ਕਾਂਗਰਸ ਪਾਰਟੀ
ਜਿੱਤ ਗਈ ਪਰ ਜਦੋਂ ਵੀ ਦੁਨੀਆਂ ਵਿਚ ਕਦੇ ਚੋਣਾਂ ਦੇ ਬਾਈਕਾਟ ਦੀ ਗੱਲ ਹੋਵੇਗੀ ਤਾਂ ਸ਼ਾਇਦ
ਹੀ ਦੁਨੀਆਂ ਦੇ ਇਤਿਹਾਸ ਵਿਚ ਐਨਾ ਸਫਲ ਚੋਣ ਬਾਈਕਾਟ ਕਿਸੇ ਕੌਮ ਵਲੋਂ ਦਰਜ਼ ਕਰਾਇਆ ਗਿਆ
ਹੋਵੇਗਾ ਅਤੇ ਇਹ ਚੋਣ ਬਾਈਕਾਟ ਖਾਲਿਸਤਾਨ ਦੇ ਨਾਮ ਉੱਤੇ ਸਿੱਧਾ ਫਤਵਾ ਸੀ ਪਰ ਮਾਨ ਸਾਹਿਬ
ਨੇ ਇਸ ਫਤਵੇ ਨੂੰ ਸਦਾ ਆਪਣੇ ਵਿਰੁੱਧ ਸਮਝਿਆ ਅਤੇ ਖਾਲਿਸਤਾਨ ਦੇ ਨਾਮ ਉੱਤੇ ਮਰ-ਮਿਟਨ
ਵਾਲੀਆਂ ਖਾੜਕੂ ਧਿਰਾਂ ਨੂੰ ਕੈਟ ਕਹਿਕੇ ਨਿਵਾਜ਼ਿਆ।
1996 ਦੀਆਂ ਲੋਕ ਸਭਾ ਚੋਣਾਂ:
1996 ਦੀਆਂ ਲੋਕ ਸਭਾ ਚੋਣਾਂ
ਵਿਚ ਮਾਨ ਦਲ ਵਲੋਂ 7 ਸੀਟਾਂ ਉੱਤੇ ਚੋਣ ਲੜ੍ਹੀ ਅਤੇ 6 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ
ਹੋਈਆਂ ਅਤੇ ਕੁੱਲ ਵੋਟਾਂ 3 ਲੱਖ 39 ਹਜਾਰ 5 ਸੌ 20 ਮਿਲੀਆਂ। ਖਾਲਿਸਤਾਨ ਇਹਨਾਂ ਚੋਣਾਂ
ਵਿਚ ਮਾਨ ਦਲ ਦਾ ਚੋਣ ਮੁੱਦਾ ਨਹੀਂ ਸੀ।1996 ਦੀਆਂ ਲੋਕ ਸਭਾ ਚੋਣਾਂ ਵਿਚ ਬਾਦਲ ਦਲ ਆਪਣੇ
ਬਲਬੂਤੇ 'ਤੇ ਚੋਣਾਂ ਲੜ੍ਹਣ ਦੀ ਹਾਲਤ ਵਿਚ ਨਹੀਂ ਸੀ ਕਿਉਂਕਿ ਸਿੱਖ ਸੰਘਰਸ਼ ਕਾਰਨ ਉਹਨਾਂ
ਨੂੰ ਜਿੱਤ ਦੀ ਕੋਈ ਆਸ ਨਹੀਂ ਸੀ ਤਾਂ ਉਹਨਾਂ ਨੇ ਬੀ.ਐੱਸ.ਪੀ ਦੇ ਕਾਸ਼ੀ ਰਾਮ ਨਾਲ
ਸਮਝੌਤਾ ਕੀਤਾ ਅਤੇ ਉਹ ਮਾਨ ਦਲ ਨਾਲ ਨੂੰ ਵੀ 3 ਸੀਟਾਂ ਛੱਡਣ ਲਈ ਤਿਆਰ ਸਨ ਪਰ ਮਾਨ
ਸਾਹਿਬ ਮੈ ਨਾ ਮਾਨੂੰ ਵਾਲੀ ਆਪਣੀ ਅੜੀ ਰੱਖੀ ਅਤੇ ਨਾ ਮੰਨੇ। ਅੰਤਲੇ ਸਮੇਂ ਕਾਸ਼ੀ ਰਾਮ ਵੀ
ਮਾਨ ਸਾਹਿਬ ਕੋਲ ਆਇਆ ਤੇ ਇਕ ਸੀਟ ਆਪਣੇ ਖਾਤੇ ਵਿਚੋਂ ਮਾਨ ਸਾਹਿਬ ਨੂੰ ਦੇ ਕੇ ਕੁੱਲ 4
ਸੀਟਾਂ ਛੱਡ ਦੇਣ ਦੀ ਪੇਸ਼ਕਸ਼ ਕੀਤੀ ਪਰ ਮਾਨ ਸਾਹਿਬ ਨੇ ਆਪਣੀ ਨੀਤੀ ਮੁਤਾਬਕ ਇਸ ਮੌਕੇ
ਨੂੰ ਅਜਾਈ ਗਵਾਇਆ ਅਤੇ ਪੰਜਾਬ ਦੀ ਰਾਜਨੀਤੀ ਵਿਚ ਖਾਲਿਸਤਾਨੀ ਪੱਖੀ ਅਤੇ ਦਲਿਤ ਭਾਈਚਾਰੇ
ਦੇ ਗਠਜੋੜ ਦੀ ਸੰਭਾਵਨਾ ਨੂੰ ਖਤਮ ਕਰ ਦਿੱਤਾ ਕਿਉਂਕਿ ਭਾਰਤੀ ਹਾਕਮਾਂ ਤੋ ਅਜ਼ਾਦੀ ਮਾਨ
ਸਾਹਿਬ ਦਾ ਏਜੰਡਾ ਨਹੀਂ ਸੀ।
1996 ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ:
ਸਿੱਖ
ਲੀਡਰਸ਼ਿਪ ਨੂੰ ਨਿਰਧਾਰਤ ਕਰਨ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਬਹੁਤ
ਅਹਿਮ ਹਨ ਅਤੇ 1996 ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਇਕ ਲੰਮੇ ਅਰਸੇ
ਮਗਰੋਂ ਹੋ ਰਹੀਆਂ ਸਨ ਅਤੇ ਇਹਨਾਂ ਚੋਣਾਂ ਨੇ ਹੀ ਸਿੱਖਾਂ ਦਾ ਭਵਿੱਖ ਤਹਿ ਕਰਨਾ
ਸੀ।ਇਹਨਾਂ ਚੋਣਾਂ ਦਾ ਮਾਹੌਲ਼ ਸੰਘਰਸ਼ ਪੱਖੀ ਸੀ ਅਤੇ ਕੇਂਦਰ ਸਰਕਾਰ ਤੇ ਬਾਦਲ ਦਲੀਆਂ ਨੂੰ
ਆਪਣੀ ਹਾਰ ਨਿਸਚਿਤ ਦਿਖਾਈ ਦੇ ਰਹੀ ਸੀ। ਪਰ ਪਹਿਲਾਂ ਤਾਂ ਮਾਨ ਦਲ ਨੇ ਪੰਥਕ ਮੋਰਚੇ ਨਾਲ
ਸਮਝੌਤਾ ਹੀ ਨਹੀਂ ਕੀਤਾ ਅਤੇ ਅੰਤਲੇ ਸਮੇਂ ਪੰਥਕ ਮੋਰਚਾ ਤੇ ਮਾਨ ਦਲ ਅੱਧੀਆਂ-ਅੱਧੀਆਂ
ਸੀਟਾਂ ਲੜ੍ਹਣ ਲਈ ਰਾਜੀ ਹੋ ਗਏ ਪਰ ਦੇਖਣ ਵਾਲੀ ਗੱਲ ਹੈ ਕਿ ਪਹਿਲਾਂ ਪੰਥਕ ਮੋਰਚੇ ਨੇ
ਤਾਂ ਮਾਨ ਦਲ ਦੇ ਉਮੀਦਵਾਰਾਂ ਦੇ ਖਿਲਾਫ ਆਪਣੇ ਖੜ੍ਹੇ ਉਮੀਦਵਾਰ ਵਾਪਸ ਹਟਾ ਲਏ ਪਰ ਮਾਨ
ਸਾਹਿਬ ਨੇ ਵਾਅਦਾ ਵਫਾ ਨਹੀਂ ਕੀਤਾ ਤੇ ਪੰਥਕ ਮੋਰਚੇ ਦੇ ਖਿਲਾਫ ਆਪਣੇ ਉਮੀਦਵਾਰਾਂ ਨੂੰ
ਖੜ੍ਹੇ ਰੱਖਿਆ ਜਿਸ ਨਾਲ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਅਤੇ ਮਾਨ ਦੀ ਇਸ ਗਲਤ ਨੀਤੀ
ਕਾਰਨ ਪੰਥਕ ਮੋਰਚੇ ਵਾਲਿਆਂ ਨੇ ਜਿਹਨਾਂ ਸੀਟਾਂ ਤੋਂ ਮਾਨ ਦਲ ਦੇ ਉਮੀਦਵਾਰਾਂ ਖਿਲਾਫ
ਆਪਣੇ ਉਮੀਦਵਾਰ ਵਾਪਸ ਲਏ ਸੀ, ਉਹਨਾਂ ਸੀਟਾਂ ਤੋਂ ਮਾਨ ਦਲ ਨਾਲ ਰੋਸ ਵਜੋਂ ਬਾਦਲ ਦੇ
ਉਮੀਦਵਾਰਾਂ ਦੀ ਹਮਾਇਤ ਕਰ ਦਿੱਤੀ। ਨਤੀਜੇ ਹੈਰਾਨੀਕੁੰਨ ਨਿਕਲੇ ਕਿ ਕਰੀਬ 80 ਸੀਟਾਂ ਤੋਂ
ਮਾਨ ਦਲ ਤੇ ਪੰਥਕ ਮੋਰਚੇ ਦੇ ਵੱਖਰੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਦਾ ਜੋੜ ਬਾਦਲ
ਦੇ ਜਿੱਤੇ ਉਮੀਦਵਾਰਾਂ ਤੋ ਕਿਤੇ ਵੱਧ ਸੀ ਅਤੇ ਕਰੀਬ 40 ਸੀਟਾਂ ਉਪਰ ਬਾਦਲ ਦਲ 500 ਤੋਂ
ਘੱਟ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ। ਜੇ ਕਿਤੇ ਉਸ ਸਮੇਂ ਮਾਨ ਸਾਹਿਬ ਆਪਣੀ ਗਲਤ ਨੀਤੀ
ਮੁਤਾਬਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਦਲ ਨੂੰ ਨਾ ਸੌਂਪਦੇ ਤਾਂ 1997
ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਾਦਲ ਕਦੇ ਵੀ ਨਹੀਂ ਸੀ ਜਿੱਤ ਸਕਦਾ।
1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ:
1997 ਦੀਆਂ ਪੰਜਾਬ ਵਿਧਾਨ
ਸਭਾ ਵਿਚ ਮਾਨ ਦਲ ਵਲੋਂ 30 ਸੀਟਾਂ ਉਪਰ ਚੋਣ ਲੜੀ ਗਈ ਜਿਸ ਵਿਚ ਇਕ ਉਮੀਦਵਾਰ ਅਜੀਤ ਇੰਦਰ
ਸਿੰਘ ਮੋਫਰ ਨੇ ਜਿੱਤ ਦਰਜ ਕਰਵਾਈ ਪਰ ਉਸ ਨੂੰ ਮਾਨ ਸਾਹਿਬ ਨੇ ਤਾਨਾਸ਼ਾਹੀ ਵਤੀਰੇ ਕਾਰਨ
ਕਿਸੇ ਵੀ ਸਟੇਜ 'ਤੇ ਬੋਲਣ ਨਹੀਂ ਦਿੱਤਾ ਤਾਂ ਅਜਿਹੀਆਂ ਹੋਰ ਬੇ-ਇੱਜ਼ਤੀਆਂ ਨਾ ਸਹਿੰਦਾ
ਹੋਇਆ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਇਹਨਾਂ ਚੋਣਾਂ ਵਿਚ ਮਾਨ ਦਲ ਦੇ 23
ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ। ਮਾਨ ਦਲ ਨੂੰ 3 ਲੱਖ 9 ਹਜਾਰ 1 ਸੌ 11 ਵੋਟਾਂ
ਮਿਲੀਆਂ। ਇਹਨਾਂ ਚੋਣਾਂ ਵਿਚ ਖਾਲਿਸਤਾਨ ਚੋਣ ਮੁੱਦਾ ਨਹੀ ਸੀ।
1998 ਦੀਆਂ ਲੋਕ ਸਭਾ ਚੋਣਾਂ:
1998 ਦੀਆਂ ਲੋਕ ਸਭਾ ਚੋਣਾਂ
ਵਿਚ ਮਾਨ ਦਲ ਨੇ 4 ਸੀਟਾਂ ਉੱਤੇ ਚੋਣ ਲੜ੍ਹੀ ਜਿਸ ਵਿਚ 3 ਉਮੀਦਵਾਰਾਂ ਦੀਆਂ ਜਮਾਨਤਾਂ
ਜਬਤ ਹੋ ਗਈਆਂ ਅਤੇ ਵੋਟਾਂ ਦੀ ਕੁੱਲ ਗਿਣਤੀ 2 ਲੱਖ 48 ਹਜਾਰ 5 ਸੌ 29 ਰਹੀ। ਇਹਨਾਂ
ਚੋਣਾਂ ਵਿਚ ਖਾਲਿਸਤਾਨ ਚੋਣ ਮੁੱਦਾ ਨਹੀਂ ਸੀ।
1999 ਦੀਆਂ ਲੋਕ ਸਭਾ ਚੋਣਾਂ:
1999 ਵਿਚ ਲੋਕ ਸਭਾ ਦੀਆਂ
ਮੱਧਕਾਲੀ ਚੋਣਾਂ ਹੋਈਆਂ ਜਿਸ ਵਿਚ ਮਾਨ ਸਾਹਿਬ ਨੇ ਮਾਨ ਦਲ ਵਲੋਂ ਕੇਵਲ ਇਕ ਸੀਟ ਖੁੱਦ
ਸੰਗਰੂਰ ਲੋਕ ਸਭਾ ਹਲਕੇ ਤੋਂ ਹੀ ਲੜ੍ਹੀ ਜਿਸ ਵਿਚ ਉਹ ਚੋਣ ਜਿੱਤ ਗਏ ਅਤੇ ਉਹਨਾਂ ਨੂੰ 2
ਲੱਖ 98 ਹਜਾਰ 8 ਸੌ 46 ਵੋਟਾਂ ਮਿਲੀਆਂ। ਇਸ ਸਮੇਂ ਉਹਨਾਂ ਦਾ ਚੋਣ ਮੁੱਦਾ ਖਾਲਿਸਤਾਨ
ਨਹੀਂ ਸੀ ਅਤੇ ਇਸ ਜਿੱਤ ਤੋਂ ਬਾਅਦ ਮਾਨ ਸਾਹਿਬ ਇਸ ਹਲਕੇ ਵਿਚ ਅਜਿਹਾ ਕੁਝ ਨਾ ਕਰ ਸਕੇ
ਜੋ ਦੂਜਿਆਂ ਤੋਂ ਵੱਖਰਾ ਹੁੰਦਾ ਅਤੇ ਵਿਲੱਖਣ ਸਿੱਖ ਰਾਜ ਪਰਬੰਧ ਦੀਆਂ ਝਲਕੀਆਂ ਪੇਸ਼
ਕਰਦਾ। ਇਹਨਾਂ ਚੋਣਾਂ ਵਿਚ ਸਭ ਤੋਂ ਵੱਡੀ ਗੱਲ ਸੀ ਕਿ ਸੁਰਜੀਤ ਸਿੰਘ ਬਰਨਾਲਾ ਕੇਂਦਰੀ
ਮੰਤਰੀ ਸੀ ਤਾਂ ਸਿਰਸੇ ਵਾਲੇ ਦੇ ਪਰੇਮੀ ਕਿਸੇ ਕੰਮ ਦੀ ਖਾਤਰ ਦਿੱਲੀ ਮਿਲਣ ਗਏ ਸਨ ਪਰ
ਬਰਨਾਲਾ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਸੀ ਦੇ ਰਿਹਾ ਅਤੇ ਉਹ ਅਜੇ ਮਿਲੇ ਨਹੀਂ ਸਨ ਕਿ
ਸਰਕਾਰ ਟੁੱਟ ਗਈ ਅਤੇ ਨਵੀਆਂ ਚੋਣਾਂ ਦਾ ਐਲਾਨ ਹੋ ਗਿਆ ਤਾਂ ਸੌਦਾ ਸਾਧ ਦੇ ਬਰਨਾਲਾ ਤੋਂ
ਨਾ-ਖੁਸ਼ ਪਰੇਮੀਆਂ ਨੇ ਦਿੱਲੀ ਤੋਂ ਮੁੜਦਿਆਂ ਹੀ ਬਰਨਾਲੇ ਨੂੰ ਹਰਾਉਣ ਦਾ ਫੈਸਲਾ ਕੀਤਾ
ਅਤੇ ਉਹ ਮਾਨ ਸਾਹਿਬ ਨਾਲ ਖੜ੍ਹੇ ਹੋ ਗਏ। ਇਸ ਤੋਂ ਇਲਾਵਾ ਸੰਗਰੂਰ ਹਲਕੇ ਵਿਚ ਸੁਖਦੇਵ
ਸਿੰਘ ਢੀਂਡਸਾ ਨੇ ਬਰਨਾਲੇ ਦੀ ਹਾਰ ਯਕੀਨੀ ਬਣਾਉਣ ਲਈ ਮਾਨ ਸਾਹਿਬ ਦਾ ਪੂਰਾ ਸਾਥ ਦਿਤਾ।
ਜਿਕਰਯੋਗ ਹੈ ਕਿ ਇਹ ਸੀਟ ਮਾਨ ਸਾਹਿਬ ਨੇ ਬਾਦਲ ਦਲ ਨਾਲ ਗੁਪਤ ਸਮਝੌਤੇ ਤਹਿਤ ਲੜ੍ਹੀ ਤੇ
ਜਿੱਤੀ ਕਿਉਂਕਿ ਬਾਦਲ ਤੇ ਢੀਂਡਸਾ ਦੋਵੇ ਹੀ ਬਰਨਾਲੇ ਨੂੰ ਪੰਜਾਬ ਦੀ ਸਿਅਸਤ ਚੋ ਮਨਫੀ
ਕਰਨਾ ਚਾਹੁੰਦੇ ਸਨ।
2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ:
2002 ਦੀਆਂ ਪੰਜਾਬ
ਵਿਧਾਨ ਸਭਾ ਵਿਚ ਭਾਵੇਂ ਕਾਂਗਰਸ ਪਾਰਟੀ ਜਿੱਤ ਗਈ ਪਰ ਇਹਨਾਂ ਚੋਣਾਂ ਵਿਚ ਬਾਦਲ ਤੋਂ ਅੱਡ
ਹੋਏ ਗੁਰਚਰਨ ਸਿੰਘ ਟੌਹੜਾ ਤੇ ਹੋਰਨਾਂ ਦੀ ਅਗਵਾਈ ਵਿਚ ਸਰਬਹਿੰਦ ਅਕਾਲੀ ਦਲ ਬਣਿਆ
ਜਿਸਨੇ ਮਾਨ ਦਲ ਨਾਲ ਗਠਜੋੜ ਬਣਾਇਆਂ ਤੇ ਬਹੁਜਨ ਸਮਾਜ ਪਾਰਟੀ ਨਾਲ ਵੀ ਸਮਝੌਤਾ ਕੀਤਾ।ਇਸ
ਸਮਝੌਤੇ ਦੀ ਲੁਧਿਆਣਾ ਵਿਚ ਹੋਈ ਇਕ ਅਹਿਮ ਰੈਲੀ ਵਿਚ ਮਾਨ ਸਾਹਿਬ ਨੇ ਸਪੀਚ ਕਰਦਿਆਂ ਆਪਣੀ
ਲੱਤ ਚੁੱਕੀ ਤੇ ਕਿਹਾ ਕਿ ਕਾਸ਼ੀ ਰਾਮ ਇਸ ਦੇ ਥੱਲਿਓ ਲੰਘ ਕੇ ਆਵੇ, ਇਹ ਕਹਿ ਕੇ ਇਕ ਉਸ
ਕੌਮੀ ਲੀਡਰ ਦੀ ਬੇ-ਇੱਜ਼ਤੀ ਕੀਤੀ ਜੋ ਸਦਾ ਹੀ ਸਿੱਖਾਂ ਦਾ ਹਮਦਰਦ ਰਿਹਾ ਸੀ। ਮਾਨ ਸਾਹਿਬ
ਦੀ ਅਜਿਹੀ ਹਰਕਤ ਨਾਲ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵਿਚ ਨਾ ਸਿਰਫ ਮਾਨ ਸਾਹਿਬ ਸਗੋਂ
ਸਿੱਖਾਂ ਪ੍ਰਤੀ ਵੀ ਰੋਸ ਫੈਲ ਗਿਆ ਅਤੇ ਕੋਈ ਗਠਜੋੜ ਦੀ ਸੰਭਾਵਨਾ ਉੱਕਾ ਹੀ ਖਤਮ ਹੋ ਗਈ
ਅਤੇ ਇਸ ਨਾਲ ਹੀ ਪੰਜਾਬ ਵਿਚ ਤੀਜਾ ਬਦਲ ਬਣਨ ਦਾ ਭੋਗ ਪੈ ਗਿਆ। ਸਰਬ ਹਿੰਦ ਅਕਾਲੀ ਦਲ ਨੇ
ਮਾਨ ਦਲ ਦੇ ਚੋਣ ਨਿਸ਼ਾਨ ਉੱਤੇ ਚੋਣ ਲੜ੍ਹੀ। ਇਸ ਵਿਚ ਇਹਨਾਂ ਨੇ ਕੁੱਲ 84 ਸੀਟਾਂ ਉੱਤੇ
ਚੋਣਾਂ ਲੜ੍ਹੀਆਂ ਪਰ 76 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਅਤੇ ਕੁੱਲ 4 ਲੱਖ 78
ਹਜਾਰ 1 ਸੌ 15 ਵੋਟਾਂ ਮਿਲੀਆਂ।
2004 ਦੀਆਂ ਲੋਕ ਸਭਾ ਚੋਣਾਂ:
2004 ਦੀਆਂ ਲੋਕ ਸਭਾ ਚੋਣਾਂ
ਵਿਚ ਮਾਨ ਦਲ ਨੇ 6 ਸੀਟਾਂ ਉਪਰ ਉਮੀਦਵਾਰ ਖੜ੍ਹੇ ਕੀਤੇ ਅਤੇ 5 ਉਮੀਦਵਾਰਾਂ ਦੀਆਂ
ਜਮਾਨਤਾਂ ਜਬਤ ਹੋਈਆਂ ਅਤੇ ਵੋਟਾਂ ਦੀ ਕੁੱਲ ਗਿਣਤੀ 3 ਲੱਖ 87 ਹਜਾਰ 6 ਸੌ 82 ਰਹੀ।
ਖਾਲਿਸਤਾਨ ਇਹਨਾਂ ਚੋਣਾਂ ਵਿਚ ਵੀ ਚੋਣ ਮੁੱਦਾ ਨਹੀਂ ਸੀ। ਜਿਕਰਯੋਗ ਹੈ ਇਹਨਾਂ ਚੋਣਾਂ
ਵਿਚ ਇਕੱਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਨੂੰ ਬਠਿੰਡਾ ਲੋਕ ਸਭਾ
ਹਲਕੇ ਵਿਚ 1 ਲੱਖ 13 ਹਜਾਰ 4 ਸੌ 90 ਵੋਟਾਂ ਮਿਲੀਆਂ।
2004 ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ:
2004
ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਵੀ ਕੋਈ ਸੁਹਿਰਦਤਾ ਨਹੀਂ ਦਿਖਾਈ
ਗਈ ਅਤੇ ਬਾਦਲ ਵਿਰੋਧੀ ਪਾਰਟੀਆਂ ਬਹੁਤ ਦੇਰੀ ਨਾਲ ਪੰਥਕ ਮੋਰਚੇ ਦੇ ਰੂਪ ਵਿਚ ਇਕੱਠੀਆਂ
ਹੋਈਆਂ ਅਤੇ ਅੰਦਰੂਨੀ ਖਿੱਚਤਾਣ ਤੇ ਬਾਦਲ ਵਲੋਂ 1996 ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਚੋਣਾਂ ਤੋਂ ਬਾਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਪਣਾ ਪੂਰਾ ਗਲਬਾ ਪਾ
ਲੈਣ ਕਾਰਨ ਕੋਈ ਖਾਸ ਫਰਕ ਨਹੀਂ ਪਿਆ।
2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ:
2007 ਦੀਆਂ ਪੰਜਾਬ
ਵਿਧਾਨ ਸਭਾ ਚੋਣਾਂ ਵਿਚ ਮਾਨ ਦਲ ਵਲੋਂ 37 ਸੀਟਾਂ ਉੱਤੇ ਚੋਣ ਲੜ੍ਹੀ ਗਈ ਅਤੇ ਸਾਰੇ
ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਅਤੇ ਕੁੱਲ ਵੋਟਾਂ 65 ਹਜਾਰ 2 ਸੌ 48 ਸਨ। ਇਸ
ਚੋਣ ਵਿਚ ਵੀ ਖਾਲਿਸਤਾਨ ਚੋਣ ਮੁੱਦਾ ਨਹੀਂ ਸੀ।
2009 ਦੀਆਂ ਲੋਕ ਸਭਾ ਚੋਣਾਂ:
2009 ਦੀਆਂ ਲੋਕ ਸਭਾ ਚੋਣਾਂ
ਵਿਚ ਮਾਨ ਦਲ ਨੇ 3 ਸੀਟਾਂ ਉੱਤੇ ਚੋਣ ਲੜੀ ਅਤੇ ਤਿੰਨੋਂ ਸੀਟਾਂ ਉਪਰ ਜਮਾਨਤਾਂ ਜਬਤ
ਹੋਈਆਂ ਅਤੇ ਕੁੱਲ ਵੋਟਾਂ 43 ਹਜਾਰ 1 ਸੌ 37 ਮਿਲੀਆਂ। ਖਾਲਿਸਤਾਨ ਚੋਣ ਮੁੱਦਾ ਨਹੀਂ ਸੀ।
2011 ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ:
2011
ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਚੋਣਾਂ ਵਿਚ ਇਸ ਵਾਰ ਅਜਿਹਾ ਮਾਹੌਲ਼ ਸੀ ਕਿ ਜੇਕਰ ਬਾਦਲ ਵਿਰੋਧੀ ਸਾਰੀਆਂ ਧਿਰਾਂ ਇਕ ਦੇ
ਮੁਕਾਬਲੇ ਇਕ ਉਮੀਦਵਾਰ ਦੇਣ ਵਿਚ ਕਾਮਯਾਬ ਹੋ ਜਾਂਦੀਆਂ ਤਾਂ ਇਹ ਗੱਲ ਚਿੱਟੇ ਦਿਨ ਵਾਂਗ
ਸਾਫ ਸੀ ਕਿ ਬਾਦਲ ਵਿਰੋਧੀਆਂ ਨੇ ਵੱਡੇ ਫਰਕ ਨਾਲ ਜਿੱਤ ਜਾਣਾ ਸੀ ਤੇ ਇਸ ਵਿਚ ਸਭ ਤੋਂ
ਵੱਡੀ ਪਾਰਟੀ ਦੇ ਰੂਪ ਵਿਚ ਮਾਨ ਦਲ ਨੇ ਹੀ ਉਭਰਨਾ ਸੀ ਪਰ ਅਜਿਹਾ ਨਹੀਂ ਹੋ ਸਕਿਆ ਤੇ
ਬਾਦਲ ਦਲ ਵੱਡੀ ਜਿੱਤ ਦਰਜ ਕਰਾਉਂਣ ਵਿਚ ਕਾਮਯਾਬ ਹੋ ਗਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਚੋਣਾਂ ਵਿਚ ਬਾਦਲ ਵਿਰੋਧੀ ਵਧੀਆ ਗੁਰਸਿੱਖਾਂ ਨੂੰ (ਭਾਵੇਂ ਪੰਥਕ ਮੋਰਚੇ ਜਾਂ ਮਾਨ
ਦਲ ਵਾਲੇ) ਵੱਡੀ ਮਾਤਰਾ ਵਿਚ ਵੋਟਾਂ ਮਿਲੀਆਂ ਪਰ ਉਹ ਬਾਦਲ ਦੇ ਇਕ ਉਮੀਦਵਾਰ ਦੇ
ਮੁਕਾਬਲੇ ਇਕ ਨਾ ਹੋਣ ਕਾਰਨ ਜਿੱਤ ਨਾ ਸਕੇ। ਇਹਨਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਚੋਣਾਂ ਵਿਚ ਜਿਸ ਕਿਸੇ ਵੀ ਬਾਦਲ ਵਿਰੋਧੀ ਗੁਰਸਿੱਖ ਨੂੰ ਵਧੀਆ ਵੋਟਾਂ ਮਿਲੀਆਂ ਉਸ ਦਾ
ਵੱਡਾ ਕਾਰਨ ਇਹ ਸੀ ਕਿ ਸਿੱਖ ਸੰਗਤਾਂ ਵਿਚ ਮੌਜੂਦਾ ਪਰਬੰਧਕਾਂ ਦੇ ਮਾੜੇ ਪ੍ਰਬੰਧਾਂ
ਪ੍ਰਤੀ ਰੋਸ ਸੀ ਅਤੇ ਸਿੱਖ ਸੰਗਤਾਂ ਇਸ ਗੱਲ ਦੀ ਬੇ-ਸਬਰੀ ਨਾਲ ਉਡੀਕ ਕਰ ਰਹੀਆਂ ਸਨ ਕਿ
ਬਾਦਲ ਦੇ ਮਾੜੇ ਪਰਬੰਧਕਾਂ ਖਿਲਾਫ ਮਜਬੂਤ ਧਿਰ ਸਾਹਮਣੇ ਆਵੇ ਪਰ ਅਜਿਹਾ ਨਾ ਹੋ ਸਕਿਆ ਅਤੇ
ਜੇ ਅਜਿਹਾ ਹੋ ਜਾਂਦਾ ਅਤੇ ਬਾਦਲ ਵਿਰੋਧੀ ਧਿਰਾਂ ਦੇ ਹੱਥਾਂ ਵਿਚ ਸ਼ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦਾ ਪਰਬੰਧ ਆ ਜਾਂਦਾ ਤਾਂ ਇਹ ਅਸਲ ਵਿਚ ਖਾਲਿਸਤਾਨ ਦੀ ਪਰਾਪਤੀ ਵੱਲ ਹੀ
ਇਕ ਵੱਡਾ ਕਦਮ ਹੁੰਦਾ। ਪਰ ਅਜਿਹਾ ਨਹੀਂ ਹੋ ਸਕਿਆ ।ਕਸੂਰ ਕਿਸਦਾ ? ਮਾਨ ਸਾਹਿਬ ਦਾ? ਕੀ
ਮਾਨ ਸਾਹਿਬ ਵਲੋਂ ਪਰਮਜੀਤ ਸਿੰਘ ਸਰਨਾ, ਦਲਜੀਤ ਸਿੰਘ ਬਿੱਟੂ, ਰਵੀ ਇੰਦਰ ਸਿੰਘ, ਸੁਰਜੀਤ
ਸਿੰਘ ਬਰਨਾਲਾ ਨਾਲ ਜਿੰਦਗੀ ਵਿਚ ਪਹਿਲਾਂ ਕਦੇ ਕਿਸੇ ਕਿਸਮ ਦੀ ਸਾਂਝਦਾਰੀ ਨਹੀਂ ਕੀਤੀ
ਗਈ ਸੀ ਕਿ ਇਸ ਵਾਰ ਸਾਂਝ ਕਰਨ ਨਾਲ ਪੰਥ ਜਾਂ ਪੰਥ ਦੇ ਨਿਸ਼ਾਨਿਆਂ ਨੂੰ ਢਾਹ ਲੱਗ ਜਾਣੀ
ਸੀ।
2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ:
2012 ਦੀਆਂ ਪੰਜਾਬ
ਵਿਧਾਨ ਸਭਾ ਚੋਣਾਂ ਵਿਚ ਮਾਨ ਦਲ ਵਲੋਂ 57 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਪਰ
ਸਾਰੇ ਹੀ ਉਮੀਦਵਾਰ ਕੇਵਲ 39 ਹਜਾਰ 1 ਸੌ 9 ਵੋਟਾਂ ਹੀ ਲੈ ਸਕੇ ਅਤੇ ਸਾਰਿਆਂ ਦੀਆਂ
ਜਮਾਨਤਾਂ ਜਬਤ ਹੋ ਗਈਆਂ।
1989 ਤੋਂ 2012 ਦੀਆਂ ਮਾਨ ਦਲ ਵਲੋਂ ਪਰਾਪਤ ਵੋਟਾਂ ਦੇ ਘੱਟਦੇ
ਅਨੁਪਾਤ ਨੂੰ ਕੀ ਸਮਝਿਆ ਜਾਵੇ ? ਕੀ ਮਾਨ ਸਾਹਿਬ ਤੇ ਅਕਾਲੀ ਦਲ ਦੀ ਬਿਲਕੁਲ ਮੰਦੀ ਹਾਲਤ
ਹੋ ਜਾਣ 'ਤੇ ਉਹਨਾਂ ਨੇ ਇਹ ਸੋਚਿਆ ਕਿ ਆਪਣੇ ਡੁੱਬਣ ਦੇ ਨਾਲ-ਨਾਲ ਅਸੀਂ ਖਾਲਿਸਤਾਨ ਦੇ
ਮੁੱਦੇ ਨੂੰ ਵੀ ਲੈ ਡੁੱਬੀਏ, ਜੇ ਇਹੋ ਗੱਲ ਸੀ ਤਾਂ ਉਹ ਇਕ ਵਾਰ ਜਰੂਰ ਕਾਮਯਾਬ ਹੋ ਗਏ ਹਨ
ਜੇ ਨਹੀਂ ਤਾਂ 1989 ਤੋਂ 2011 ਤੱਕ ਕੋਈ 12 ਵਰ੍ਹੇ ਇਸ ਮੁੱਦੇ ਬਾਰੇ ਕੋਈ ਗੱਲ ਨਾ
ਕਰਨੀ ਸਭ ਤੋਂ ਵੱਡਾ ਸਿਧਾਂਤਕ ਤੇ ਜਥੇਬੰਦਰਕ ਗੁਨਾਹ ਸੀ।ਜੋ ਵੀ ਹੋਵੇ ਅਮਤ ਵਿਚ ਅਸੀਂ ਇਹ
ਕਹਿ ਸਕਦੇ ਹਾਂ ਕਿ ਮਾਨ ਸਹਿਬ ਨੇ ਆਪਣਾ, ਅਪਾਣੀ ਪਾਰਟੀ ਦਾ ਅਤੇ ਕੌਮੀ ਨਿਸ਼ਾਨੇ ਦਾ
ਵੱਕਾਰ ਮਿੱਟੀ ਵਿਚ ਮਿਲਾ ਦਿੱਤਾ ਹੈ। ਮਾਨ ਸਾਹਿਬ ਜਾਂ ਉਹਨਾਂ ਦੀ ਪਾਰਟੀ ਨੇ ਕਿਉਂ ਕਦੇ
ਇਸ ਬਾਰੇ ਕੋਈ ਵਿਚਾਰ ਨਹੀਂ ਕੀਤੀ ? ਖਾਲਿਸਤਾਨ ਦਾ ਮੁੱਦਾ ਕਿਸੇ ਇਕ ਪਾਰਟੀ ਦਾ ਚੋਣ
ਮੁੱਦਾ ਨਹੀਂ ਹੋ ਸਕਦਾ, ਇਹ ਤਾਂ ਕੌਮੀ ਸਿਆਸੀ ਨਿਸ਼ਾਨਾ ਹੈ। ਇਸ ਪਵਿੱਤਰ ਮੁੱਦੇ ਨੂੰ
ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵਰਤਣ ਦਾ ਹੱਕ ਮਾਨ ਸਾਹਿਬ ਜਾਂ ਕਿਸੇ ਹੋਰ ਪਾਰਟੀ ਨੂੰ
ਨ੍ਹੀਂ ਹੈ।? ਕੀ ਮਾਨ ਸਾਹਿਬ ਅਜਿਹਾ ਸਭ ਕੁਝ ਅਣਜਾਣੇ ਵਿਚ ਕਰ ਰਹੇ ਹਨ ਜਾਂ ਕੋਈ
ਸੋਚੀ-ਸਮਝੀ ਨੀਤੀ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ? ਇਹ ਸਾਰੇ ਸਵਾਲ ਪੰਥ, ਅਕਾਲੀ ਦਲ
ਮਾਨ ਤੇ ਮਾਨ ਸਾਹਿਬ ਅੱਗੇ ਮੂੰਹ ਅੱਡੀ ਖੜ੍ਹੇ ਹਨ। ਜੇ ਉਹ ਜਾਂ ਅਸੀਂ ਜਵਾਬ ਨਹੀਂ ਲੱਭਦੇ
ਤਾਂ ਇਤਿਹਾਸ ਇਕ ਦਿਨ ਲੇਖਾ ਕਰੇਗਾ ਹੀ।
-0-